ਚਰਿਤ੍ਰੋਪਾਖਯਾਨ ਰਚਨਾ ਵਿੱਚ ਇਸਤਰੀ ਦੇ ਉਸਾਰੂ ਪੱਖ –ਡਾ. ਗੁਰਸੇਵਕ ਸਿੰਘ
ਆਮ ਤੌਰ ਤੇ ਕੁਝ ਲੋਗਾ ਦੀ ਚਰਿਤ੍ਰੋਪਾਖਯਾਨ ਰਚਨਾ ਬਾਰੇ ਧਾਰਨਾ ਹੈ ਕੀ ਇਸ ਵਿੱਚ ਇਸਤਰੀ ਦੇ ਉਸਾਰੂ ਪੱਖ ਜਿਕਰ ਨਹੀ ਹੈ, ਸਿਰਫ਼ ਉਸਦਾ ਕੁਚਜੇ ਪੱਖ ਨੂੰ ਹੀ ਦਰਸਾਇਆ ਗਿਆ ਹੈ, ਗੁਰਬਾਣੀ ਵਿੱਚ ਕਾਮਣੀ, ਕੁਲਖਣੀ, ਕੁਨਾਰ, ਕੁਚੱਜੀ ਬਾਰੇ ਜਿਕਰ ਹੈ ਅਤੇ ਇਸ ਤਰਾ ਦੀ ਇਸਤਰੀ ਦੇ ਤਿਆਗ ਦਾ ਵਿਧਾਨ ਹੈ।
ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ ॥
ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ॥
ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ ॥
ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ ॥੧॥
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ - ਅੰਗ ੮੯
ਗੁਰੂ ਸਾਹਿਬ ਨੇ ਇਸਤਰਾ ਦੀਆ ਇਸਤਰੀਆ ਬਾਰੇ ਖੁਲਕੇ ਪਰਦਾ ਚੁਕਿਆ ਤੇ ਸਾਵਧਾਨ ਹੋਣ ਦੀ ਪ੍ਰੇਰਨਾ ਦਿਤੀ, ਪਰ ਕੁਝ ਲੋਕਾ ਨੂੰ ਇਸ ਤਰਾ ਦੀਆ ਇਸਤਰੀਆ ਨਾਲ ਪਿਆਰ/ਮੋਹ ਇਤਨਾ ਹੈ ਉਹ ਇਹਨਾ ਲਈ ਗੁਰੂ ਦੇ ਭੈਅ ਹੀਣ ਕਾਮ ਨਸ਼ੇ ਵਿੱਚ ਕੁਬੋਲ ਬੋਲਨੋ ਨਹੀ ਸੰਗਦੇ।
ਗੁਰੂ ਸਾਹਿਬ ਨੇ ਜੋ ਇਸਤਰੀ ਦੇ ਉਸਾਰੂ ਪੱਖ ਦਾ ਜਿਕਰ ਕੀਤਾ, ਮੇਰਾ ਮਕਸਦ ਸੰਗਤ ਨੂੰ ਉਸ ਤੋ ਜਾਣੂ ਕਰਵਾਉਣਾ ਹੈ, ਦਾਸ ਇਹ ਇੱਕ ਇੱਕ ਕਰਕੇ ਇਹ ਸਭ ਆਪਦੇ ਵਿਚਾਰ ਗੋਚਰੇ ਰੱਖੇਗਾ।
ਇਸਤਰੀ ਨੂੰ ਕਮਜ਼ੋਰ ਤੇ ਦੁਰਬਲ ਮੰਨਿਆ ਗਿਆ ਹੈ। ਪਰ ਦਸਮ ਬਾਣੀ ਵਿੱਚ ਇਸਤ੍ਰੀ ਸ਼ਕਤੀ (ਚੰਡੀ) ਦਾ ਰੂਪ ਧਾਰਦੀ ਹੈ ਤੇ ਸੰਗਰਾਮ ਲਈ ਜੂਝਦੀ ਹੈ। ਚਰਿਤ੍ਰੋਪਾਖਯਾਨ ਵਿੱਚ ਵੀ ਬਹਾਦਰ ਤੇ ਦਲੇਰ ਇਸਤ੍ਰੀਆਂ ਦੀ ਘਾਟ ਨਹੀ।
ਚਰਿਤ੍ਰ 52
ਇਸ ਚਰਿਤ੍ਰ ਵਿੱਚ ਉਸ ਰਾਜ ਕੁਮਾਰੀ ਦਾ ਜਿਕਰ ਹੈ ਜੋ ਉਸ ਰਾਜ ਕੁਮਾਰ ਨੂੰ ਪਤੀ ਬਨਾਉਣਾ ਚਾਹੁੰਦੀ ਹੈ ਜੋ ਉਸ ਨੂੰ ਯੁੱਧ ਵਿੱਚ ਜਿੱਤੇ, ਇਕ ਸਵੰਬਰ ਯੁੱਧ ਦਾ ਰੂਪ ਧਾਰਦਾ ਹੈ,ਰਾਜਕੁਮਾਰੀ ਕਹਿੰਦੀ ਹੈ..
ਤਬ ਕੰਨ੍ਯਾ ਐਸੇ ਕਹੀ ਬਚਨ ਪਿਤਾ ਕੇ ਸਾਥ ॥
ਜੋ ਕੋ ਜੁਧ ਜੀਤੈ ਮੁਝੈ ਵਹੈ ਹਮਾਰੋ ਨਾਥ ॥੧੨॥
ਚਰਿਤ੍ਰ ੫੨ - ੧੨ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਜ ਕੰਨਿਆ ਨੇ ਘੋਰ ਯੁੱਧ ਕੀਤਾ ਤੇ ਕਈਆ ਨੂੰ ਤੀਰਾ ਨਾਲ ਵਿੰਨ ਕੇ ਸੁੱਟ ਦਿੱਤਾ..
ਮਚਿਯੌ ਤੁਮਲ ਜੁਧ ਤਹ ਭਾਰੀ ॥
ਨਾਚੇ ਸੂਰਬੀਰ ਹੰਕਾਰੀ ॥
ਤਾਨਿ ਧਨੁਹਿਯਨ ਬਿਸਿਖ ਚਲਾਵਤ ॥
ਮਾਇ ਮਰੇ ਪਦ ਕੂਕਿ ਸੁਨਾਵਤ ॥੨੪॥
ਚਰਿਤ੍ਰ ੫੨ - ੨੪ - ਸ੍ਰੀ ਦਸਮ ਗ੍ਰੰਥ ਸਾਹਿਬ
ਉਥੇ ਬਹੁਤ ਭਾਰੀ ਯੁੱਧ ਹੋਇਆ। ਯੁੱਧ ਦਾ ਨਕਸ਼ਾ ਕੁਝ ਇਸ ਤਰਾ ਖਿਚਿਆ ਹੈ ...
ਬਿਨੁ ਸੀਸਨ ਕੇਤਿਕ ਭਟ ਡੋਲਹਿ ॥
ਕੇਤਿਨ ਮਾਰਿ ਮਾਰਿ ਕਰਿ ਬੋਲਹਿ ॥
ਕਿਤੇ ਤਮਕਿ ਰਨ ਤੁਰੈ ਨਚਾਵੈ ॥
ਜੂਝਿ ਕਿਤਕ ਜਮ ਲੋਕ ਸਿਧਾਵੈ ॥੩੫॥
ਕਟਿ ਕਟਿ ਪਰੇ ਸੁਭਟ ਛਿਤ ਭਾਰੇ ॥
ਭੂਪ ਸੁਤਾ ਕਰਿ ਕੋਪ ਪਛਾਰੇ ॥
ਜਿਨ ਕੇ ਪਰੀ ਹਾਥ ਨਹਿ ਪ੍ਯਾਰੀ ॥
ਬਿਨੁ ਮਾਰੇ ਹਨਿ ਮਰੇ ਕਟਾਰੀ ॥੩੬॥
ਚਰਿਤ੍ਰ ੫੨ - ੩੬ - ਸ੍ਰੀ ਦਸਮ ਗ੍ਰੰਥ ਸਾਹਿਬ
ਮੈਦਾਨੇ ਜੰਗ ਦਾ ਚਿੱਤਰ ਖਿਚਿਆ ਹੈ.....
ਕਾਢਿ ਕ੍ਰਿਪਾਨ ਮਹਾ ਕੁਪਿ ਕੈ ਭਟ ਕੂਦਿ ਪਰੇ ਸਰਦਾਰ ਕਰੋਰੇ ॥
ਬਾਲ ਹਨੇ ਬਲਵਾਨ ਘਨੇ ਇਕ ਫਾਸਿਨ ਸੌ ਗਹਿ ਕੈ ਝਕਝੋਰੇ ॥
ਸਾਜ ਪਰੇ ਕਹੂੰ ਤਾਜ ਗਿਰੇ ਗਜਰਾਜ ਗਿਰੇ ਛਿਤ ਪੈ ਸਿਰ ਤੋਰੇ ॥
ਲੁਟੇ ਰਥੀ ਰਥ ਫੂਟੇ ਕਹੂੰ ਬਿਨੁ ਸ੍ਵਾਰ ਫਿਰੈ ਹਿਨਨਾਵਤ ਘੋਰੇ ॥੬੯॥
ਚਰਿਤ੍ਰ ੫੨ - ੬੯ - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
ਹੈ ਗੈ ਰਥੀ ਬਾਜੀ ਘਨੇ ਜੋਧਾ ਹਨੇ ਅਨੇਕ ॥
ਜੀਤਿ ਸੁਯੰਬਰ ਰਨ ਰਹੀ ਭੂਪਤਿ ਬਚਾ ਨ ਏਕ ॥੮੦॥
ਚਰਿਤ੍ਰ ੫੨ - ੮੦ - ਸ੍ਰੀ ਦਸਮ ਗ੍ਰੰਥ ਸਾਹਿਬ
ਅਖੀਰ ਵਿੱਚ ਯੋਧਾ ਰਾਜਕੁਮਾਰੀ ਨੇ ਯੁੱਧ ਵਿੱਚ ਘਾਇਲ ਇਕ ਸੂਰਬੀਰ ਨੂੰ ਆਪਣਾ ਪਤੀ ਸਵੀਕਾਰ ਕੀਤਾ ਅਤੇ ਉਸਦੀ ਜਾਨ ਬਚਾਕੇ ਉਸ ਨੂੰ ਨਵਾ ਜੀਵਨ ਦੀਤਾ।
ਚਰਿਤ੍ਰ 96ਇਸ ਚਰਿਤ੍ਰ ਵਿੱਚ ਉਸ ਇਸਤ੍ਰੀ ਦੀ ਬਹਾਦਰੀ ਦਾ ਵਰਨਣ ਹੈ ਜੋ ਉਸ ਵੇਲੇ ਜੰਗੇ ਮੈਦਾਨ ਵਿੱਚ ਆਉਦੀ ਹੈ ਜਦੋ ਉਸ ਦਾ ਪਤੀ ਦਿੱਲ ਢਾਹ ਦੇਂਦਾ ਹੈ ਤੇ ਮੈਦਾਨ ਵਿੱਚੋ ਨਸ ਜਾਦਾ ਹੈ। ਉਹ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਮੈਨੂੰ ਸਸ਼ਤਰ ਬਸਤਰ ਦੇ ਦੇਵੋ ਮੈਂ ਵੈਰੀ ਨਾਲ ਯੁਧ ਕਰਾਗੀ।
ਅਪਨੀ ਪਗਿਯਾ ਮੋ ਕਹ ਦੀਜੈ ॥
ਮੇਰੀ ਪਹਿਰ ਇਜਾਰਹਿ ਲੀਜੈ ॥
ਜਬ ਮੈ ਸਸਤ੍ਰ ਤਿਹਾਰੋ ਧਰਿਹੌ ॥
ਟੂਕ ਟੂਕ ਬੈਰਿਨ ਕੇ ਕਰਿਹੌ ॥੭॥
ਚਰਿਤ੍ਰ ੯੬ - ੭ - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਇਸਤ੍ਰੀ ਬਹੁਤ ਸੁਰਮਗਤੀ ਨਾਲ ਲੜੀ ਤੇ ਕਈ ਵੈਰੀਆ ਨੂੰ ਤਲਵਾਰ ਦੇ ਘਾਟ ਉਤਾਰਿਆ। ਯੋਧਾ ਇਸਤਰੀ ਦੇ ਤੀਰ ਦੋਹਾ ਪਾਸੇ ਮਾਰ ਕਰਦੇ ਸਨ...
ਲਏ ਹਾਥ ਸੈਥੀ ਅਰਬ ਖਰਬ ਧਾਏ ॥
ਬੰਧੇ ਗੋਲ ਹਾਠੇ ਹਠੀ ਖੇਤ ਆਏ ॥
ਮਹਾ ਕੋਪ ਕੈ ਬਾਲ ਕੇ ਤੀਰ ਢੂਕੇ ॥
ਦੁਹੂੰ ਓਰ ਤੇ ਮਾਰ ਹੀ ਮਾਰਿ ਕੂਕੇ ॥੧੩॥
ਚਰਿਤ੍ਰ ੯੬ - ੧੩ - ਸ੍ਰੀ ਦਸਮ ਗ੍ਰੰਥ ਸਾਹਿਬ
ਝੰਡਿਆ ਦੇ ਨਿਸ਼ਾਨ ਝੂਲ ਰਹੇ ਸਨ, ਹੱਥਾ ਵਿੱਚ ਤਲਵਾਰਾ ਸਨ.. ਮੈਦਾਨੇ ਜੰਗ ਦਾ ਦਿ੍ਸ਼ ਖਿਚਿਆ ਹੈ...
ਛੋਰਿ ਨਿਸਾਸਨ ਕੇ ਫਰਰੇ ਭਟ ਢੋਲ ਢਮਾਕਨ ਦੈ ਕਰਿ ਢੂਕੇ ॥
ਢਾਲਨ ਕੌ ਗਹਿ ਕੈ ਕਰ ਭੀਤਰ ਮਾਰ ਹੀ ਮਾਰਿ ਦਸੌ ਦਿਸਿ ਕੂਕੇ ॥
ਵਾਰ ਅਪਾਰ ਬਹੇ ਕਈ ਬਾਰ ਗਏ ਛੁਟਿ ਕੰਚਨ ਕੋਟਿ ਕਨੂਕੇ ॥
ਲੋਹ ਲੁਹਾਰ ਗੜੈ ਜਨੁ ਜਾਰਿ ਉਠੈ ਇਕ ਬਾਰਿ ਤ੍ਰਿਨਾਰਿ ਭਭੂਕੇ ॥੧੪॥
ਚਰਿਤ੍ਰ ੯੬ - ੧੪ - ਸ੍ਰੀ ਦਸਮ ਗ੍ਰੰਥ ਸਾਹਿਬ
ਸੂਰਮਿਆ ਦੇ ਮੈਦਾਨੇ ਜੰਗ ਲੜ ਮਰਨ ਦੇ ਚਾਅ ਦਾ ਦਿ੍ਸ਼....
ਲਗੇ ਬ੍ਰਿਣਨ ਕੇ ਸੂਰਮਾ ਪਰੇ ਧਰਨਿ ਪੈ ਆਇ ॥
ਗਿਰ ਪਰੇ ਉਠਿ ਪੁਨਿ ਲਰੇ ਅਧਿਕ ਹ੍ਰਿਦੈ ਕਰਿ ਚਾਇ ॥੨੨॥
ਚਰਿਤ੍ਰ ੯੬ - ੨੨ - ਸ੍ਰੀ ਦਸਮ ਗ੍ਰੰਥ ਸਾਹਿਬ
ਸੂਰਮਿਆ ਦੇ ਮੈਦਾਨੇ ਜੰਗ ਬੀਰਤਾ ਦਿਖਾਉਣ ਦੇ ਚਾਅ ਦਾ ਦਿ੍ਸ਼...
ਕਿਤੇ ਗੋਫਨੈ ਗੁਰਜ ਗੋਲੇ ਉਭਾਰੈ ॥
ਕਿਤੇ ਚੰਦ੍ਰ ਤ੍ਰਿਸੂਲ ਸੈਥੀ ਸੰਭਾਰੈ ॥
ਕਿਤੇ ਪਰਘ ਫਾਸੀ ਲਏ ਹਾਥ ਡੋਲੈ ॥
ਕਿਤੇ ਮਾਰ ਹੀ ਮਾਰਿ ਕੈ ਬੀਰ ਬੋਲੈ ॥੨੩॥
ਚਰਿਤ੍ਰ ੯੬ - ੨੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਦੋ ਬਹੁਤ ਸਾਰੇ ਸੂਰਮੇ ਮਾਰੇ ਗਏ ਤਾ ਉਹ ਮਹਾ ਯੋਧਾ ਇਸਤਰੀ ਸਸ਼ਤਰ ਸੰਭਾਲ ਕੇ ਯੁੱਧ ਵਿੱਚ ਆਈ। ਵੈਰੀਆ ਨੇ ਇਕੋਵਾਰੀ ਬਰਛੀਆ ਆਦਿ ਉਸ ਵੱਲ ਚਲਾਏ ਪਰ ਬਹਾਦਰੀ ਦੇਖ ਪਿਛਾ ਹੱਟ ਗਏ.....
ਸੂਰ ਗਏ ਕਟਿ ਕੈ ਝਟ ਦੈ ਤਬ ਬਾਲ ਕੁਪੀ ਹਥਿਆਰ ਸੰਭਾਰੇ ॥
ਪਟਿਸ ਲੋਹ ਹਥੀ ਪਰਸੇ ਇਕ ਬਾਰ ਹੀ ਬੈਰਨਿ ਕੇ ਤਨ ਝਾਰੇ ॥
ਏਕ ਲਰੇ ਇਕ ਹਾਰਿ ਟਰੇ ਇਕ ਦੇਖਿ ਡਰੇ ਮਰਿ ਗੇ ਬਿਨੁ ਮਾਰੇ ॥
ਬੀਰ ਕਰੋਰਿ ਸਰਾਸਨ ਛੋਰਿ ਤ੍ਰਿਣਾਨ ਕੌ ਤੋਰਿ ਸੁ ਆਨਨ ਡਾਰੇ ॥੩੦॥
ਚਰਿਤ੍ਰ ੯੬ - ੩੦ - ਸ੍ਰੀ ਦਸਮ ਗ੍ਰੰਥ ਸਾਹਿਬ
ਇਸ ਤਰਾ ਉਸ ਸੂਰਬੀਰ ਇਸਤਰੀ ਨੇ ਯੁੱਧ ਜਿੱਤ ਲਿਆ।
ਚਰਿਤ੍ਰ 151 (ਚਲਦਾ)
ਭਾਗ 3
ਚਰਿਤ੍ਰ 151
ਇਸ ਚਰਿਤ੍ਰ ਵਿੱਚ ਇਕ ਰਾਣੀ ਦੀ ਸੂਰਬੀਰਤਾ ਦਰਸਾਈ ਗਈ ਹੈ, ਜਦੋ ਮੈਦਾਨੇ ਜੰਗ ਵਿੱਚ ਰਾਜਾ ਮਾਰਿਆ ਜਾਦਾ ਹੈ,.....
ਤ੍ਰਿਯਾ ਸਹਿਤ ਨ੍ਰਿਪ ਲਰਿਯੋ ਅਧਿਕ ਰਿਸ ਖਾਇ ਕੈ ॥
ਤਬ ਹੀ ਲਗੀ ਤੁਫੰਗ ਹ੍ਰਿਦੈ ਮੈ ਆਇ ਕੈ ॥
ਗਿਰਿਯੋ ਅੰਬਾਰੀ ਮਧ੍ਯ ਮੂਰਛਨਾ ਹੋਇ ਕਰਿ ॥
ਹੋ ਤਬ ਤ੍ਰਿਯ ਲਿਯੋ ਉਚਾਇ ਨਾਥ ਦੁਹੂੰ ਭੁਜਨਿ ਭਰਿ ॥੧੨॥
ਚਰਿਤ੍ਰ ੧੫੧ - ੧੨ - ਸ੍ਰੀ ਦਸਮ ਗ੍ਰੰਥ ਸਾਹਿਬ
ਪਰ ਰਾਣੀ ਜਿਹੜੀ ਰਾਜੇ ਨਾਲ ਅੰਬਾਰੀ ਵਿੱਚ ਬੈਠੀ ਹੈ, ਬਹਾਦਰੀ ਨਾਲ ਯੁੱਧ ਦੀ ਕਮਾਨ ਸੰਭਾਲਦੀ ਹੈ। ਸਿਪਾਹੀਆ ਨੂੰ ਉਤਸਾਹਤ ਕਰਨ ਲਈ ਆਪ ਆਪਣਾ ਰਥ ਮੈਦਾਨੇ ਜੰਗ ਵਿੱਚ ਲੈ ਜਾਦੀ ਹੈ...
ਤਵਨ ਅੰਬਾਰੀ ਸੰਗ ਨ੍ਰਿਪਹਿ ਬਾਧਤ ਭਈ ॥
ਨਿਜੁ ਕਰ ਕਰਹਿ ਉਚਾਇ ਇਸਾਰਤਿ ਦਲ ਦਈ ॥
ਜਿਯਤ ਨ੍ਰਿਪਤਿ ਲਖਿ ਸੁਭਟ ਸਭੇ ਧਾਵਤ ਭਏ ॥
ਹੋ ਚਿਤ੍ਰ ਬਚਿਤ੍ਰ ਅਯੋਧਨ ਤਿਹ ਠਾਂ ਕਰਤ ਭੇ ॥੧੩॥
ਚਰਿਤ੍ਰ ੧੫੧ - ੧੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁਤ ਭਿਆਨਕ ਯੁੱਧ ਹੁੰਦਾ ਹੈ...
ਪੀਸਿ ਪੀਸਿ ਕਰਿ ਦਾਂਤ ਸੂਰਮਾ ਰਿਸਿ ਭਰੇ ॥
ਟੂਕ ਟੂਕ ਹ੍ਵੈ ਪਰੇ ਤਊ ਪਗੁ ਨ ਟਰੇ ॥
ਤੌਨ ਸੈਨ ਸੰਗ ਰਾਜਾ ਲੀਨੇ ਘਾਇ ਕੈ ॥
ਹੋ ਜੀਤ ਨਗਾਰੇ ਬਜੇ ਅਧਿਕ ਹਰਿਖਾਇ ਕੈ ॥੧੪॥
ਚਰਿਤ੍ਰ ੧੫੧ - ੧੪ - ਸ੍ਰੀ ਦਸਮ ਗ੍ਰੰਥ ਸਾਹਿਬ
ਇਸ ਤਰਾ ਇਕ ਸੂਰਬੀਰ ਇਸਤਰੀ ਮੈਦਾਨੇ ਜੰਗ ਵਿੱਚ ਲੜਨ ਦਾ ਪ੍ਰੇਰਨਾ ਸਰੋਤ ਬਣਕੇ ਜੰਗ ਜਿੱਤਦੀ ਹੈ।
ਭਾਗ 4
ਚਰਿਤ੍ਰ 147
ਇਸ ਚਰਿਤ੍ਰ ਇਕ ਸੂਰਬੀਰ ਬਹਾਦਰ ਇਸਤ੍ਰੀ ਦਾ ਹੈ, ਜਿਸ ਵਿੱਚ ਇਸਤ੍ਰੀ ਦੇ ਪਤੀ ਨੂੰ ਰਾਜਾ ਕੈਦ ਕਰ ਲੈਂਦਾ ਹੈ। ਬੰਧ੍ਯੋ ਰਾਵ ਬਾਲਨ ਸੁਨਿ ਪਾਯੋ ॥
ਸਕਲ ਪੁਰਖ ਕੋ ਭੇਖ ਬਨਾਯੋ ॥
ਬਾਲੋਚੀ ਸੈਨਾ ਸਭ ਜੋਰੀ ॥
ਭਾਂਤਿ ਭਾਂਤਿ ਅਰਿ ਪ੍ਰਤਿਨਾ ਤੋਰੀ ॥੩॥
ਚਰਿਤ੍ਰ ੧੪੭ - ੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਲਵਾਨ ਇਸਤ੍ਰੀ ਰਾਜੇ ਜੰਗ ਲਈ ਵੰਗਾਰਦੀ ਹੈ....
ਘੇਰਿ ਸੈਦ ਖਾਂ ਕੌ ਤ੍ਰਿਯਨ ਐਸੇ ਕਹਿਯੋ ਸੁਨਾਇ ॥
ਕੈ ਹਮਰੋ ਪਤਿ ਛੋਰਿਯੈ ਕੈ ਲਰਿਯੈ ਸਮੁਹਾਇ ॥੪॥
ਚਰਿਤ੍ਰ ੧੪੭ - ੪ - ਸ੍ਰੀ ਦਸਮ ਗ੍ਰੰਥ ਸਾਹਿਬ
ਜੰਗ ਦਾ ਦਿਰਸ਼ ਇਸ ਤਰਾ ਖਿਚਿਆ ਹੈ, ਕਈ ਨਾ ਮਾਰੇ ਜਾਣ ਵਾਲੇ ਸੂਰਮੇ ਵੀ ਮਰ ਗਏ, ਕਈ ਹਾਥੀ ਖਤਮ ਹੋ ਗਏ।
ਬਜੀ ਭੇਰ ਭਾਰੀ ਮਹਾ ਸੂਰ ਗਾਜੇ ॥
ਬੰਧੇ ਬੀਰ ਬਾਨਾਨ ਬਾਂਕੇ ਬਿਰਾਜੇ ॥
ਕਿਤੇ ਸੂਲ ਸੈਥੀਨ ਕੇ ਘਾਇ ਘਾਏ ॥
ਮਰੇ ਜੂਝਿ ਜਾਹਾਨ ਮਾਨੋ ਨ ਆਏ ॥੬॥
ਚਰਿਤ੍ਰ ੧੪੭ - ੬ - ਸ੍ਰੀ ਦਸਮ ਗ੍ਰੰਥ ਸਾਹਿਬ
ਇਸਤ੍ਰੀ ਤਲਵਾਰ ਚਲਾਉਦੀ ਹੈ ਤਾਂ ਕਈ ਰਾਜਿਆ ਦੇ ਪੁੱਤਰ ਨੱਠ ਜਾਦੇ ਹਨ...
ਖਗ ਪਰੇ ਕਹੂੰ ਖੋਲ ਝਰੇ ਕਹੂੰ ਟੂਕ ਗਿਰੇ ਛਿਤ ਤਾਜਨ ਕੇ ॥
ਅਰੁ ਬਾਨ ਕਹੂੰ ਬਰਛੀ ਕਤਹੂੰ ਕਹੂੰ ਅੰਗ ਕਟੇ ਬਰ ਬਾਜਨ ਕੇ ॥
ਕਹੂੰ ਬੀਰ ਪਰੈ ਕਹੂੰ ਚੀਰ ਦਿਪੈ ਕਹੂੰ ਸੂੰਡ ਗਿਰੇ ਗਜਰਾਜਨ ਕੇ ॥
ਅਤਿ ਮਾਰਿ ਪਰੀ ਨ ਸੰਭਾਰਿ ਰਹੀ ਸਭ ਭਾਜਿ ਚਲੇ ਸੁਤ ਰਾਜਨ ਕੇ ॥੯॥
ਚਰਿਤ੍ਰ ੧੪੭ - ੯ - ਸ੍ਰੀ ਦਸਮ ਗ੍ਰੰਥ ਸਾਹਿਬ
ਉਹ ਬਲਵਾਨ ਇਸਤ੍ਰੀ ਰਾਜੇ ਨਾਲ ਜੰਗ ਕਰਦੀ ਹੈ ਅਤੇ ਪਤੀ ਨੂੰ ਸੁਤੰਤਰ ਕਰਵਾ ਲੈਂਦੀ ਹੈ
ਐਸ ਖਗ ਸਿਰ ਝਾਰਿ ਕੈ ਬਡੇ ਪਖਰਿਯਨ ਘਾਇ ॥
ਸੈਨ ਸਕਲ ਅਵਗਾਹਿ ਕੈ ਨਿਜੁ ਪਤਿ ਲਯੌ ਛਨਾਇ ॥੧੭॥
ਚਰਿਤ੍ਰ ੧੪੭ - ੧੭ - ਸ੍ਰੀ ਦਸਮ ਗ੍ਰੰਥ ਸਾਹਿਬ